ਪੰਜਾਬ ‘ਚ ਤੂਫ਼ਾਨ ਨੇ ਮਚਾਈ ਤਬਾਹੀ, ਪੋਲਟਰੀ ਫਾਰਮ ਢਹਿ ਗਿਆ, ਇੱਕ ਦੀ ਮੌਤ, ਹਜ਼ਾਰਾਂ ਮੁਰਗੇ ਹਲਾਕ
ਭਵਾਨੀਗੜ੍ਹ: ਪਿਛਲੀ ਸ਼ਾਮ ਆਏ ਭਿਆਨਕ ਤੂਫ਼ਾਨ ਨੇ ਨੇੜਲੇ ਪਿੰਡ ਮਾਝਾ ਵਿੱਚ ਭਾਰੀ ਤਬਾਹੀ ਮਚਾਈ। ਇਥੇ ਇਕ ਪੋਲਟਰੀ ਫਾਰਮ ਪੂਰੀ ਤਰ੍ਹਾਂ ਢਹਿ ਗਿਆ, ਜਿਸ ਕਾਰਨ ਮਲਬੇ ਹੇਠ ਦੱਬਣ ਨਾਲ 65 ਸਾਲਾ ਗੁਰਚਰਨ ਸਿੰਘ ਦੀ ਮੌਤ ਹੋ ਗਈ। ਉਹ ਫਾਰਮ ਦੇ ਮਾਲਕ ਹਰਪਾਲ ਸਿੰਘ ਦੇ ਪਿਤਾ ਸਨ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ, ਇਸ ਫਾਰਮ ਵਿੱਚ ਇਕ ਨਿੱਜੀ ਕੰਪਨੀ ਵੱਲੋਂ 4000 ਤੋਂ ਵੱਧ ਮੁਰਗੇ ਪਾਲੇ ਗਏ ਸਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਤੂਫ਼ਾਨ ਕਾਰਨ ਮਲਬੇ ਹੇਠ ਦੱਬ ਕੇ ਮਾਰੇ ਗਏ। ਇਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੀ ਆਮਦਨ ਦਾ ਸਿਰਫ਼ ਇਕੋ ਸਾਧਨ ਇਹ ਪੋਲਟਰੀ ਫਾਰਮ ਸੀ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮੰਦਭਾਗੀ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਪਰਿਵਾਰ ਨੂੰ ਵਾਧੂ ਮੁਆਵਜ਼ਾ ਦਿੱਤਾ ਜਾਵੇ।