ਪੰਜਾਬ ਅੰਦਰ ਹੈ ਹਰੇਕ ਤਰ੍ਹਾਂ ਦੇ ਸਮਾਗਮ ਦੇ ਵਿੱਚ ਪਕੌੜੇ ਤੇ ਜਲੇਬੀਆਂ ਨੂੰ ਸ਼ਾਮਿਲ ਕਰਨਾ ਇੱਕ ਆਮ ਗੱਲ ਹੈ । ਜਿੱਥੇ ਹਰੇਕ ਵਿਆਹ ਦੇ ਵਿੱਚ ਤੁਹਾਨੂੰ ਪਕੌੜੇ ਤੇ ਜਲੇਬੀਆਂ ਖਾਣ ਨੂੰ ਮਿਲਦੀਆਂ ਹਨ , ਉੱਥੇ ਹੀ ਜੇਕਰ ਕਿਸੇ ਘਰ ਦੇ ਵਿੱਚ ਕੋਈ ਬਜ਼ੁਰਗ ਆਪਣੀ ਪੂਰੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਆਖਦਾ ਹੈ ਤਾਂ, ਉਸ ਦੇ ਭੋਗ ਵਿੱਚ ਜਲੇਬੀਆਂ ਤੇ ਪਕੌੜਿਆਂ ਨੂੰ ਖਾਸ ਤੌਰ ਤੇ ਸ਼ਾਮਿਲ ਕੀਤਾ ਜਾਂਦਾ ਹੈ। ਹੁਣ ਭੋਗ ਮੌਕੇ ਪਾਏ ਜਾਣ ਵਾਲੇ ਪਕੌੜਿਆਂ ਤੇ ਜਲੇਬੀਆਂ ਉੱਪਰ ਬੈਨ ਲੱਗਣ ਜਾ ਰਿਹਾ । ਜੀ ਬਿਲਕੁਲ , ਤੁਸੀਂ ਸਹੀ ਪੜ੍ ਰਹੇ ਹੋ ਕਿ ਹੁਣ ਪੰਜਾਬ ਦੇ ਵਿੱਚ ਇੱਕ ਜ਼ਿਲ੍ਹੇ ਵਿਚ ਭੋਗ ਮੌਕੇ ਜਲੇਬੀਆਂ ਤੇ ਪਕੌੜੇ ਖਵਾਉਣ ਤੇ ਪਾਬੰਦੀ ਲਗਾਉਣ ਸਬੰਧੀ ਐਲਾਨ ਹੋ ਚੁੱਕਿਆ ਹੈ । ਜੇਕਰ ਕੋਈ ਇਹਨਾਂ ਨਿਯਮਾਂ ਤੇ ਅਮਲ ਨਹੀਂ ਕਰਦਾ ਤਾਂ , ਉਸ ਵਿਰੁੱਧ ਕਾਰਵਾਈ ਦੀ ਗੱਲ ਵੀ ਕੀਤੀ ਗਈ ਹੈ। ਖਬਰ ਬਠਿੰਡਾ/ਰਾਮਪੁਰਾ ਫੂਲ ਦੇ ਨਾਲ ਸੰਬੰਧਿਤ ਹੈ । ਜਿੱਥੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਤੇ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਵੀ ਨਿਵੇਕਲੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ, ਜਿਨਾਂ ਦੀ ਹਰ ਕਿਸੇ ਦੇ ਵੱਲੋਂ ਸ਼ਲਾਂਘਾ ਕੀਤੀ ਜਾ ਰਹੀ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਹੁਣ ਗ੍ਰਾਮ ਪੰਚਾਇਤ ਡਿੱਖ ਦੇ ਨੌਜਵਾਨ ਸਰਪੰਚ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਕੁਝ ਅਹਿਮ ਫੈਸਲੇ ਲਏ ਗਏ । ਅਹਿਮ ਫੈਸਲਿਆਂ ਵਿੱਚ ਪੰਚਾਇਤ ਨੇ ਸਮਾਜਿਕ ਕੁਰੀਤੀਆਂ ਖਿਲਾਫ਼ ਬੀੜਾ ਚੱਕਣ ਦਾ ਪ੍ਰਣ ਲਿਆ । ਗ੍ਰਾਮ ਸਭਾ ਦੌਰਾਨ ਲਏ ਗਏ ਫ਼ੈਸਲੇ ਤਹਿਤ ਪਿੰਡ ‘ਚ ਮਰਗ ਦੇ ਭੋਗ ਮੌਕੇ ਹੁੰਦੇ ਫਜ਼ੂਲ ਖ਼ਰਚਿਆਂ ਤੇ ਠੱਲ੍ਹ ਪਾਉਣ ਵਾਸਤੇ ਖਾਸ ਉਪਰਾਲਾ ਸ਼ੁਰੂ ਕੀਤਾ ਗਿਆ । ਜਿਸ ਤਹਿਤ ਮਰਗ ਦੇ ਭੋਗ ਮੌਕੇ ਜਲੇਬੀਆਂ ਤੇ ਪਕੌੜੇ ਬਣਾਉਣ ‘ਤੇ ਪਾਬੰਦੀ ਲਗਾਈ ਗਈ ਹੈ । ਇਨਾ ਹੀ ਨਹੀਂ ਉਲੰਘਣਾ ਕਰਨ ਵਾਲੇ ਨੂੰ 21 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਪੰਚਾਇਤ ਨੇ ਪਿੰਡ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਟੈਸਟਾਂ ਦੀ ਤਿਆਰੀ ਕਰਨ ਵਾਲੇ ਲੋੜਵੰਦਾਂ ਨੂੰ ਕਿਤਾਬਾਂ ਤੇ ਹੋਰ ਮਾਲੀ ਮਦਦ ਕਰਨ ਦਾ ਵੀ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲਗਾਤਾਰ ਸੂਬਾ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿਕਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ । ਦੂਜੇ ਪਾਸੇ ਪੰਚਾਇਤਾਂ ਦੇ ਵੱਲੋਂ ਵੀ ਆਪਣੇ ਪੱਧਰ ਤੇ ਪਿੰਡ ਦੇ ਵਿੱਚ ਕੁਰੀਤੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਵਿਕਾਸ ਤੇ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ । ਜਿਸ ਦੀ ਤਾਜ਼ਾ ਮਿਸਾਲ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ।