ਆਈ ਤਾਜਾ ਵੱਡੀ ਖਬਰ
ਪੰਜਾਬ ਸੂਬੇ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜਿਆਂ ਦਾ ਗ੍ਰਾਫ ਕੁਝ ਸਮਾਂ ਪਹਿਲਾਂ ਹੇਠਾਂ ਆਉਣਾ ਸ਼ੁਰੂ ਹੋ ਗਿਆ ਸੀ। ਜਿਸ ਤੋਂ ਇਹ ਲੱਗ ਰਿਹਾ ਸੀ ਕਿ ਇਸ ਬਿਮਾਰੀ ਉਪਰ ਹੁਣ ਠੱਲ੍ਹ ਪਾਈ ਜਾ ਸਕਦੀ ਹੈ। ਪਰ ਹਾਲ ਹੀ ਦੇ ਦਿਨਾਂ ਵਿੱਚ ਵੱਧ ਰਹੀ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਸ ਬਿਮਾਰੀ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ਦਾ ਸੰਕੇਤ ਦੇ ਰਹੀ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਹੈ।
ਜਿਸ ਵਿੱਚ ਉਨ੍ਹਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਪੰਜਾਬ ਵਿੱਚ ਰੋਜ਼ਾਨਾ ਕੀਤੇ ਜਾਂਦੇ 30 ਹਜ਼ਾਰ ਕੋਵਿਡ-19 ਟੈਸਟਿੰਗ ਦਾ ਟੀਚਾ ਬਰਕਰਾਰ ਰੱਖਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਵਿਭਾਗ ਵਿੱਚ ਮੈਡੀਕਲ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਦੇ ਨਿਯਮਾਂ ਵਿੱਚ ਸੋਧ ਕਰਨ ਦੇ ਵੀ ਹੁਕਮ ਦਿੱਤੇ ਹਨ। ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ, ਪ੍ਰਸ਼ਾਸਨਿਕ ਅਤੇ ਸਿਹਤ ਅਧਿਕਾਰੀਆਂ ਦੇ ਨਾਲ ਸੂਬੇ ਦੇ ਵਿੱਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਬਾਰੇ ਸਮੀਖਿਆ ਕੀਤੀ।
ਜਿੱਥੇ ਉਨ੍ਹਾਂ ਨੇ ਆਪਣੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਆਖਿਆ ਕਿ ਮੈਡੀਕਲ ਖੇਤਰ ਦੇ ਸੁਪਰ ਸਪੈਸ਼ਲਿਸਟ ਵਿਭਾਗ ਵਿੱਚ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਨਿਯਮਾਂ ਵਿੱਚ ਸੋਧ ਕੀਤੀ ਜਾਵੇ। ਤਾਂ ਜੋ ਇਸ ਬਿਮਾਰੀ ਨਾਲ ਨਜਿੱਠਣ ਵਿੱਚ ਸਿਹਤ ਵਿਭਾਗ ਵੱਲੋਂ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਰੋਜ਼ਾਨਾ ਘੱਟੋ-ਘੱਟ 25 ਹਜ਼ਾਰ ਆਰ ਟੀ ਪੀ ਸੀ ਆਰ ਟੈਸਟ ਨੂੰ ਯਕੀਨੀ ਬਣਾਉਣ ਲਈ ਕਿਹਾ ਅਤੇ ਨਾਲ ਹੀ 5 ਹਜ਼ਾਰ ਰੈਪਿਡ ਐਂਟੀਜਨ ਟੈਸਟਾਂ ਨੂੰ ਵੀ ਕੀਤੇ ਜਾਣ ‘ਤੇ ਜ਼ੋਰ ਦਿੱਤਾ।
ਕੈਪਟਨ ਨੇ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਮਾਸਕ ਨਾ ਪਹਿਨਣ, ਸਮਾਜਿਕ ਦੂਰੀ ਨਾ ਰੱਖਣ ਅਤੇ ਹੋਰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੋਰੋਨਾ ਸੁਰੱਖਿਆ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰ ਕੇ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ। ਸਰਕਾਰੀ ਕਰਮਚਾਰੀਆਂ ਦਾ ਰੁਟੀਨ ਚੈੱਕਅੱਪ, ਸਕੂਲ ਕਾਲਜ ਖੋਲ੍ਹਣ ਦਾ ਸਹੀ ਸਮਾਂ ਅਤੇ ਟੈਸਟਿੰਗ ਲਈ ਮੋਬਾਇਲ ਟੀਮਾਂ ਦੀ ਗਿਣਤੀ ਵਧਾਉਣ ਉੱਤੇ ਵੀ ਉਨ੍ਹਾਂ ਜ਼ੋਰ ਦਿੱਤਾ। ਸਿਹਤ ਸੁਰੱਖਿਆ ਸਬੰਧੀ ਮੁੱਖ ਮੰਤਰੀ ਨੇ ਡਾਕਟਰ ਕੇ ਕੇ ਤਲਵਾੜ ਨਾਲ ਸੂਬੇ ਵਿੱਚ ਕੋਰੋਨਾ ਕਾਰਨ ਬਣੀ ਹੋਈ ਉੱਚ ਮੌਤ ਦਰ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਮੁੱਖ ਮੰਤਰੀ ਨੇ ਡਾਕਟਰ ਤਲਵਾੜ ਦੀ ਅਗਵਾਈ ਵਿੱਚ ਡਾਕਟਰਾਂ ਦੀ ਮਾਹਰ ਟੀਮ ਨੂੰ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਕੇ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਆਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਹਸਪਤਾਲਾਂ ਅੰਦਰ ਕਿਸੇ ਵੀ ਕਿਸਮ ਦੀ ਘਾਟ ਨੂੰ ਪੂਰਾ ਕਰਨ ਦੇ ਆਦੇਸ਼ ਵੀ ਦਿੱਤੇ ਤਾਂ ਜੋ ਮਰੀਜਾਂ ਨੂੰ ਇਸ ਬਿਮਾਰੀ ਨੂੰ ਹਰਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆ ਸਕੇ। ਇਸ ਦੌਰਾਨ ਡਾਕਟਰ ਤਲਵਾੜ ਨੇ ਸੂਬੇ ਦੀਆਂ ਮਜ਼ਬੂਤ ਸਿਹਤ ਸਹੂਲਤਾਂ ਤੋਂ ਮੁੱਖ ਮੰਤਰੀ ਨੂੰ ਜਾਣੂੰ ਵੀ ਕਰਵਾਇਆ।
ਪੰਜਾਬ ਸੂਬੇ ਦੇ ਵਿੱਚ ਉਹ ਲੋਕ ਜ਼ਿਆਦਾਤਰ ਸੰਕ੍ਰਮਿਤ ਹੁੰਦੇ ਹਨ ਜੋ ਜਾਂ ਤਾਂ ਬਜ਼ੁਰਗ ਹਨ ਜਾਂ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਤ ਹਨ। ਪੰਜਾਬ ਦੇ ਜਲੰਧਰ, ਲੁਧਿਆਣਾ, ਰੂਪਨਗਰ, ਬਠਿੰਡਾ, ਐਸ ਏ ਐਸ ਨਗਰ, ਫਰੀਦਕੋਟ, ਮਾਨਸਾ, ਅੰਮ੍ਰਿਤਸਰ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
Previous Postਅੱਜ ਪੰਜਾਬ ਚ ਕੋਰੋਨਾ ਵਾਇਰਸ ਦੇ ਏਨੇ ਪੌਜੇਟਿਵ ਆਏ ਅਤੇ ਹੋਈਆਂ ਏਨੀਆਂ ਮੌਤਾਂ
Next Postਪੰਜਾਬ:ਦੀਵਾਲੀ ਤੋਂ 4 ਦਿਨ ਪਹਿਲਾਂ ਪਟਾਕੇ ਚਲਾਉਂਦੇ ਬੱਚਿਆਂ ਨਾਲ ਵਾਪਰ ਗਿਆ ਇਹ ਭਾਣਾ