ਓਟਾਵਾ – ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਲਿਆਏ ਜਾ ਰਹੇ ਕਦਮਾਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਆਪਣੇ ਨਿਯਮ ਕੜੇ ਕਰ ਦਿੱਤੇ ਹਨ। ਹਾਲ ਹੀ ਵਿੱਚ ਹੋਈਆਂ ਤਿੰਨ ਵੱਖ-ਵੱਖ ਘਟਨਾਵਾਂ ਦੌਰਾਨ, ਅਮਰੀਕਾ ਤੋਂ ਕੈਨੇਡਾ ਵਿੱਚ ਘੁੱਸਣ ਦੀ ਕੋਸ਼ਿਸ਼ ਕਰਦੇ ਹੋਏ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਇੱਕ ਵਿਅਕਤੀ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ।
ਕੈਨੇਡੀਅਨ ਪੁਲਿਸ ਅਧਿਕਾਰੀਆਂ ਮੁਤਾਬਕ, ਸਰਹੱਦ ਦੀ ਸੁਰੱਖਿਆ ਵਧਾਉਣ ਲਈ ਇਹ ਉਪਰਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਦੀ ਮੰਗ ਦੇ ਤਹਿਤ ਕੀਤੇ ਜਾ ਰਹੇ ਹਨ।
ਪੁਲਿਸ ਦੀ ਕਾਰਵਾਈ ਅਤੇ ਤਾਜ਼ਾ ਘਟਨਾਵਾਂ
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸਹਾਇਕ ਕਮਿਸ਼ਨਰ, ਲੀਜ਼ਾ ਮੋਰਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵੱਖ-ਵੱਖ ਮੁਲਕਾਂ ਦੇ ਹਨ, ਪਰ ਉਨ੍ਹਾਂ ਕੋਲੋਂ ਕਿਸੇ ਵੀ ਕਿਸਮ ਦਾ ਨਸ਼ੀਲਾ ਪਦਾਰਥ, ਜਿਵੇਂ ਕਿ ਫੈਂਟਾਨਿਲ, ਬਰਾਮਦ ਨਹੀਂ ਹੋਇਆ। ਗੋਪਨੀਯਤਾ ਨਿਯਮਾਂ ਕਰਕੇ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ।
4 ਫਰਵਰੀ: ਮੋਂਟਾਨਾ-ਅਲਬਰਟਾ ਸਰਹੱਦ ‘ਤੇ ਕਾਉਟਸ ਬੰਦਰਗਾਹ ਰਾਹੀਂ ਇੱਕ ਅਮਰੀਕੀ ਨਾਗਰਿਕ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਪੁਲਿਸ ਨੇ ਉਸਨੂੰ ਰੋਕਿਆ, ਤਾਂ ਉਹ ਭੱਜਣ ਲੱਗਾ। ਪੁਲਿਸ ਦੇ ਪਿੱਛਾ ਕਰਨ ‘ਤੇ, ਉਸ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ।
3 ਫਰਵਰੀ: ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਕਾਉਟਸ ਨੇੜੇ 4 ਬਾਲਗ ਅਤੇ 5 ਨੌਜਵਾਨ ਗ੍ਰਿਫ਼ਤਾਰ ਕੀਤੇ ਗਏ।
14 ਜਨਵਰੀ: ਮੈਨੀਟੋਬਾ ਪ੍ਰਾਂਤ ਵਿੱਚ ਦਾਖਲ ਹੋਣ ਦੇ ਦੌਰਾਨ, 6 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ।
ਮੋਰਲੈਂਡ ਨੇ ਅੱਗੇ ਦੱਸਿਆ ਕਿ ਇਹ ਲੋਕ ਬਹੁਤ ਹੀ ਠੰਡੀ (-20°C ਤੋਂ -30°C) ਮੌਸਮ ‘ਚ ਸਰਹੱਦ ਪਾਰ ਕਰਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈ ਸਕਦੀ ਸੀ।