ਜਿਸ ਘਰ ਦੇ ਵਿੱਚ ਵਿਆਹ ਹੁੰਦਾ ਹੈ , ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ । ਜਦੋਂ ਇਹਨਾਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਤਾਂ , ਇਹ ਖੁਸ਼ੀਆਂ ਗਮੀ ਦੇ ਵਿੱਚ ਤਬਦੀਲ ਹੋ ਜਾਂਦੀਆਂ ਹਨ । ਅਜਿਹਾ ਹੀ ਮਾਮਲਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਵਿਆਹ ਤੋਂ ਕੁਝ ਦੇਰ ਬਾਅਦ ਮੁੰਡੇ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਕਿ ਹਸਪਤਾਲ ਦੇ ਵਿੱਚ ਉਸਦੀ ਜਾਨ ਨਿਕਲ ਗਈ । ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ , ਜਿੱਥੇ ਜਲੰਧਰ ਜਮਸ਼ੇਰ ਵਿਚ ਵਿਆਹ ਦੇ 15 ਦਿਨ ਬਾਅਦ ਹੀ ਇਕ ਨੌਜਵਾਨ ਦੀ ਭੇਤਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ । ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ , ਉੱਥੇ ਹੀ ਪੂਰੇ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦਈਏ ਕਿ ਇਸ ਘਰ ਦੇ ਵਿੱਚ ਕੁਝ ਦਿਨ ਪਹਿਲਾਂ ਖੁਸ਼ੀਆਂ ਦਾ ਮਾਹੌਲ ਸੀ , ਇੱਕ ਧੀ ਆਪਣਾ ਘਰ ਛੱਡ ਕੇ ਇਸ ਮੁੰਡੇ ਦੇ ਨਾਲ ਲਾਵਾਂ ਲੈ ਕੇ ਘਰ ਆਈ ਸੀ । ਪਰ ਘਰ ਦੀਆਂ ਖੁਸ਼ੀਆਂ ਨੂੰ ਉਸ ਵੇਲੇ ਨਜ਼ਰ ਲੱਗੀ ਜਦੋਂ ਇਸ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਮਾਮਲੇ ਦੀ ਜਾਂਚ ਥਾਣਾ ਸਦਰ ਦੇ ਮੁਖੀ ਐੱਸ. ਆਈ. ਸੁਰੇਸ਼ ਕੁਮਾਰ ਕਰ ਰਹੇ ਹਨ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਸੋਮਨਾਥ ਵਾਸੀ ਨਿੰਮਾਂਵਾਲਾ ਮੁਹੱਲਾ ਜਮਸ਼ੇਰ ਜ਼ਿਲਾ ਜਲੰਧਰ ਵਜੋਂ ਹੋਈ। ਉੱਥੇ ਹੀ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਮੁਕੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੋਸਟਮਾਰਟਮ ਤੋਂ ਬਾਅਦ ਉਸਦੀ ਲਾਸ਼ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ । ਉਧਰ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਦੇ ਵਿੱਚ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ 7 ਜਨਵਰੀ 2025 ਨੂੰ ਮੁਕੇਸ਼ ਕੁਮਾਰ ਨਾਲ ਹੋਇਆ ਸੀ। ਉਹ ਆਪਣੇ ਪਤੀ ਸਮੇਤ ਆਪਣੀ ਨਨਾਣ ਸਿਮਰਨ ਪਤਨੀ ਰਾਹੁਲ ਵਾਸੀ ਪਿੰਡ ਸਰਕਪੁਰ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ ਦੇ ਘਰ ਵਿਚ ਰਹਿੰਦੀ ਸੀ।21 ਜਨਵਰੀ ਨੂੰ ਉਸ ਦਾ ਪਤੀ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਕੰਮ ਲਈ ਜੰਡਿਆਲਾ ਜਾ ਰਿਹਾ ਹੈ ਅਤੇ ਰਾਤ ਤਕ ਉਹ ਘਰ ਵਾਪਸ ਨਹੀਂ ਆਇਆ, ਜਿਸ ਦੀ ਉਹ ਭਾਲ ਕਰ ਰਹੇ ਸਨ ਅਤੇ ਅਗਲੇ ਦਿਨ ਸਵੇਰੇ 10.15 ਵਜੇ ਉਸ ਦੀ ਨਨਾਣ ਦੇ ਪਤੀ ਨੇ ਉਸ ਨੂੰ ਦੱਸਿਆ ਕਿ ਮੁਕੇਸ਼ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਗਮੀ ਦਾ ਮਾਹੌਲ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ- ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।