ਮੋਦੀ ਸਰਕਾਰ ਨੂੰ ਪੈ ਗਈ ਚਿੰਤਾ
ਪੰਜਾਬ ਸੂਬੇ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅਜੇ ਵੀ ਘਟਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਕਈ ਦਿਨਾਂ ਤੋਂ ਵੱਖ ਵੱਖ ਥਾਵਾਂ ਉੱਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਵਿੱਚ ਪਹਿਲਾਂ ਨਾਲੋਂ ਹੋਰ ਵੀ ਤੇਜ਼ੀ ਆ ਗਈ ਹੈ। ਬੀਤੇ ਦਿਨੀਂ ਕਿਸਾਨਾਂ ਵੱਲੋਂ ਕੌਮਾਂਤਰੀ ਸੜਕ ਮਾਰਗਾਂ ਨੂੰ ਜਾਮ ਕਰਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਫਿੱਟ ਲਾਹਨਤ ਪਾਈ ਸੀ। ਪੰਜਾਬ ਦੇ ਵਿੱਚ ਭਾਜਪਾ ਸਰਕਾਰ ਦੇ ਕਈ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਵੀ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਕੀਤੀ ਜਾ ਰਹੀ ਹੈ।
ਇੱਥੇ ਹੀ 39ਵੇਂ ਦਿਨ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਜਾਰੀ ਰਿਹਾ। ਇਸ ਧਰਨੇ ਵਿੱਚ ਮੌਜੂਦ ਜਥੇਬੰਦੀਆਂ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਹਰਜੀਤ ਸਿੰਘ ਝੀਤਾ ਨੇ ਕੇਂਦਰ ਸਰਕਾਰ ਦੇ ਕਾਲੇ ਚਿਹਰੇ ਨੂੰ ਕਿਸਾਨਾਂ ਸਾਹਮਣੇ ਰੱਖਿਆ।
ਇੱਥੇ ਗੱਲਬਾਤ ਕਰਦਿਆ ਇਹਨਾਂ ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਕੇਂਦਰ ਦੀ ਸਰਕਾਰ ਨੇ ਕਿਸਾਨ ਮਾਰੂ ਨੀਤੀ ਨਾਲ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਪੰਜਾਬ ਦੀ ਕਿਸਾਨੀ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਪੰਜਾਬ ਵਿੱਚ ਆਉਣ ਵਾਲੀਆਂ ਮਾਲ ਗੱਡੀਆਂ ਨੂੰ ਰੋਕ ਕੇ ਕੋਰੋਨਾ ਕਾਰਨ ਪਹਿਲਾਂ ਤੋਂ ਹੀ ਡਗਮਗਾ ਚੁੱਕੀ ਸੂਬੇ ਦੀ ਅਰਥ-ਵਿਵਸਥਾ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਇਹ ਧੋਖੇਬਾਜ਼ ਕੇਂਦਰ ਸਰਕਾਰ ਆਪਣੇ ਧੋਖੇਬਾਜ਼ ਏਜੰਡਿਆਂ ਸਦਕਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਬੂਰ ਕਰ ਉਨ੍ਹਾਂ ਦੇ ਗੋਡੇ ਲਵਾਉਣਾ ਚਾਹੁੰਦੀ ਹੈ। ਅਜਿਹਾ ਸਭ ਕਰਨ ਲਈ ਹੀ ਕੇਂਦਰ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਨ੍ਹਾਂ ਆਗੂਆਂ ਨੇ ਲਲਕਾਰਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਇੱਕ ਭਰਮ ਹੈ ਕਿ ਉਹ ਅਜਿਹਾ ਕਰਨ ਵਿੱਚ ਸਫ਼ਲ ਹੋ ਜਾਵੇਗੀ। ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ 26 ਅਤੇ 27 ਨਵੰਬਰ ਨੂੰ ਦਿੱਲੀ ਘੇਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਪ੍ਰਦਰਸ਼ਨ ਦੌਰਾਨ ਉਹ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਣਗੇ। ਇਸ ਧਰਨੇ-ਪ੍ਰਦਰਸ਼ਨ ਵਿੱਚ ਕਿਸਾਨ ਆਗੂਆਂ ਬਚਿੱਤਰ ਸਿੰਘ ਕੋਟਲਾ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਡਾਕਟਰ ਸੂਬੇਦਾਰ ਜਗਿੰਦਰ ਸਿੰਘ ਘੁਕੇਵਾਲੀ, ਅਵਤਾਰ ਸਿੰਘ ਜੱਸੜ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦਾ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਨਿਸ਼ਾਨ ਸਿੰਘ ਸਾਂਘਣਾ, ਜਗਪ੍ਰੀਤ ਸਿੰਘ ਕੋਟਲਾ ਗੁਜਰਾਂ, ਹਰਦੇਵ ਸਿੰਘ ਵੀਰਮ, ਗੁਰਪ੍ਰੀਤ ਸਿੰਘ ਕੁਹਾਲੀ, ਜਸਬੀਰ ਸਿੰਘ ਰੱਖ ਓਠੀਆਂ, ਗੁਰਬਚਨ ਸਿੰਘ ਘੜਕਾ, ਗੁਰਪ੍ਰੀਤ ਸਿੰਘ ਸਾਂਘਣਾ, ਜਵਾਹਰ ਸਿੰਘ ਵਰਪਾਲ ਆਦਿ ਹਾਜ਼ਰ ਸਨ।
Previous Postਆਪਣੀ ਮਰਜੀ ਨਾਲ ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਜੋ ਹੋ ਗਿਆ ਦੇਖ ਕੰਬੀ ਮਾਪਿਆਂ ਦੀ ਰੂਹ
Next Postਕੋਰੋਨਾ ਕਾਲ : ਕੇਂਦਰ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ ਪੈਸੇ ਦੇਣ ਬਾਰੇ , ਇਹਨਾਂ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ