ਬਾਲੀਵੁੱਡ ਇੰਡਸਟਰੀ ਤੋਂ ਦੁਖਦਾਇਕ ਖ਼ਬਰ – ਮਨੋਜ ਕੁਮਾਰ ਨਹੀਂ ਰਹੇ
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਮਨੋਜ ਕੁਮਾਰ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 87 ਸਾਲ ਦੀ ਉਮਰ ਵਿੱਚ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਪਣੇ ਅਖੀਰਲੇ ਸਾਹ ਲਏ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਮਨੋਜ ਕੁਮਾਰ ਨੂੰ ਉਨ੍ਹਾਂ ਦੀਆਂ ਦੇਸ਼ਭਗਤੀ ਭਰੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਸੀ, ਜਿਸ ਕਰਕੇ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਭਾਰਤ ਕੁਮਾਰ’ ਕਹਿੰਦੇ ਸਨ। ਉਨ੍ਹਾਂ ਦਾ ਅਸਲੀ ਨਾਂ ਹਰਿਕਿਸ਼ਨ ਗਿਰੀ ਗੋਸਵਾਮੀ ਸੀ, ਪਰ ਫ਼ਿਲਮੀ ਦੁਨੀਆਂ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਮਨੋਜ ਕੁਮਾਰ ਰੱਖ ਲਿਆ।
ਉਹ ‘ਰੋਟੀ, ਕੱਪੜਾ ਔਰ ਮਕਾਨ’, ‘ਕ੍ਰਾਂਤੀ’ ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੇ ਸਨ।
ਫ਼ਿਲਮ ਨਿਰਮਾਤਾ ਅਸ਼ੋਕ ਪੰਡਤ ਨੇ ਮਨੋਜ ਕੁਮਾਰ ਦੇ ਚਲੇ ਜਾਣ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ, “ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਇਹ ਮਹਾਨ ਵਿਅਕਤੀ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦੀ ਗੈਰਮੌਜੂਦਗੀ ਭਾਰਤੀ ਸਿਨੇਮਾ ਲਈ ਇੱਕ ਵੱਡਾ ਘਾਟਾ ਹੈ ਅਤੇ ਇੰਡਸਟਰੀ ਉਨ੍ਹਾਂ ਨੂੰ ਹਮੇਸ਼ਾ ਯਾਦ ਕਰੇਗੀ।”