ਵਿਆਹ ਚ ਤੇਂਦੂਆ ਵੜਨ ਕਾਰਨ ਮਚੀ ਤਰਥੱਲੀ , ਜਾਨ ਬਚਾ ਭੱਜੇ ਲਾੜਾ ਲਾੜੀ

ਲਖਨਊ – ਇਕ ਵਿਆਹ ਸਮਾਰੋਹ ਦੌਰਾਨ ਭਿਆਨਕ ਹਲਚਲ ਮਚ ਗਈ, ਜਦੋਂ ਅਚਾਨਕ ਇੱਕ ਤੇਂਦੂਆ ਮੈਰਿਜ ਹਾਲ ਵਿੱਚ ਦਾਖਲ ਹੋ ਗਿਆ। ਇਹ ਘਟਨਾ ਬੁੱਧਵਾਰ ਰਾਤ ਨੂੰ ਬੁੱਧੇਸ਼ਵਰ ਰਿੰਗ ਰੋਡ ਇਲਾਕੇ ਵਿੱਚ ਵਾਪਰੀ। ਤੇਂਦੂਏ ਨੂੰ ਦੇਖਦੇ ਹੀ ਮਹਿਮਾਨ ਦਹਿਸ਼ਤ ਵਿੱਚ ਆ ਗਏ ਅਤੇ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਲਾੜਾ-ਲਾੜੀ ਵੀ ਆਪਣੀ ਕਾਰ ‘ਚ ਸ਼ਰਨ ਲੈਣ ਲਈ ਮਜਬੂਰ ਹੋਏ, ਜਿੱਥੇ ਉਹ ਘੰਟਿਆਂ ਤੱਕ ਫਸੇ ਰਹੇ।

ਜੰਗਲਾਤ ਵਿਭਾਗ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਜਿਸ ਦੌਰਾਨ ਜੰਗਲਾਤ ਅਧਿਕਾਰੀ ਮੁਕੱਦਰ ਅਲੀ ਤੇਂਦੂਏ ਦੇ ਹਮਲੇ ਵਿੱਚ ਜ਼ਖ਼ਮੀ ਹੋ ਗਿਆ। ਰਾਤ 2 ਵਜੇ, ਬਹੁਤ ਕੋਸ਼ਿਸ਼ਾਂ ਤੋਂ ਬਾਅਦ, ਤੇਂਦੂਏ ਨੂੰ ਟੀਕਾ ਲਗਾ ਕੇ ਬੇਹੋਸ਼ ਕੀਤਾ ਗਿਆ ਅਤੇ ਕਾਬੂ ਪਾਇਆ ਗਿਆ। ਇਸ ਦੌਰਾਨ, ਦੋਵਾਂ ਪਰਿਵਾਰ ਆਪਣੇ ਵਾਹਨਾਂ ਵਿੱਚ ਬੈਠੇ ਰਹੇ, ਜਦ ਤੱਕ ਤੇਂਦੂਏ ਨੂੰ ਫੜ ਨਹੀਂ ਲਿਆ ਗਿਆ।

ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਜੰਗਲਾਂ ਵਿੱਚ ਹੋ ਰਹੇ ਮਨੁੱਖੀ ਕਬਜ਼ਿਆਂ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਐਕਸ (ਟਵਿੱਟਰ) ‘ਤੇ ਇੱਕ ਪੋਸਟ ਕਰਦੇ ਹੋਏ ਲਿਖਿਆ ਕਿ ਭਾਜਪਾ ਦੀ ‘ਜੁਮਲਾਜੀਵੀ’ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਲੱਭਣ ਵਿੱਚ ਅਸਫ਼ਲ ਰਹੀ ਹੈ, ਹੁਣ ਜੰਗਲੀ ਜਾਨਵਰ ਵੀ ਸ਼ਹਿਰਾਂ ਵੱਲ ਰੁਖ ਕਰ ਰਹੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਲਖਨਊ ਵਿੱਚ ਵਿਆਹ ਸਮਾਰੋਹ ਦੌਰਾਨ ਤੇਂਦੂਏ ਦੇ ਆਉਣ ਦੀ ਘਟਨਾ ਚਿੰਤਾਜਨਕ ਹੈ। ਸਰਕਾਰ ਨੂੰ ਇਹ ਸੋਚਣੀ ਚਾਹੀਦੀ ਹੈ ਕਿ ਕੀ ਇਸ ਮਾਮਲੇ ਦੀ ਜਾਂਚ ਹੋਵੇਗੀ ਜਾਂ ਇਸ ਨੂੰ ਆਮ ਘਟਨਾ ਵਾਂਗ ਦੱਬ ਦਿੱਤਾ ਜਾਵੇਗਾ? ਉਨ੍ਹਾਂ ਤੰਜ਼ ਮਾਰਦਿਆਂ ਕਿਹਾ ਕਿ ਭਾਜਪਾ ਸਰਕਾਰ ਇਹ ਵੀ ਕਹਿ ਸਕਦੀ ਹੈ ਕਿ ਇਹ ‘ਤੇਂਦੂਆ’ ਨਹੀਂ, ਸਗੋਂ ‘ਵੱਡੀ ਬਿੱਲੀ’ ਸੀ।