ਪੰਜਾਬ ਵਿੱਚ ਬਿਨਾਂ ਡੀਜੇ ਤੋਂ , ਵਿਆਹ ਅਸੰਭਵ ਜਿਹਾ ਜਾਪਦਾ ਹੈ , ਕਿਉਂਕਿ ਅੱਜ ਕੱਲ ਲੋਕ ਵਿਆਹਾਂ ਵਿੱਚ ਡੀਜੇ ਉੱਪਰ ਵੱਖੋ ਵੱਖਰੇ ਗੀਤ ਲਗਾ ਕੇ ਨੱਚ ਟੱਪ ਕੇ ਵਿਆਹ ਦੀ ਖੁਸ਼ੀ ਮਨਾਉਂਦੇ ਹਨ । ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਡੀਜੇ ਵਜਾਉਣ ਦੇ ਲਈ ਇੱਕ ਨਿਸ਼ਚਿਤ ਸਮਾਂ ਤੈਅ ਕੀਤਾ ਗਿਆ ਹੈ , ਜਿਸ ਮੁਤਾਬਕ ਹੀ ਲੋਕ ਵਿਆਹਾਂ ਉੱਪਰ ਡੀਜੇ ਚਲਾ ਸਕਦੇ ਹਨ । ਪਰ ਕਈ ਵਾਰ ਲੋਕ ਸ਼ਰਾਬ ਪੀ ਕੇ ਡੀਜੇ ਉੱਪਰ ਜਦੋਂ ਭੰਗੜਾ ਪਾਉਂਦੇ ਹਨ ਤਾਂ, ਕਈ ਵਾਰ ਇਹ ਖੁਸ਼ੀ ਦਾ ਮਾਹੌਲ ਲੜਾਈ ਝਗੜੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਜਿਸ ਕਾਰਨ ਕਾਫੀ ਵਾਰ ਖੁਸ਼ੀ ਦਾ ਮਾਹੌਲ ਖਰਾਬ ਹੋ ਜਾਂਦਾ । ਪਰ ਅੱਜ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਥਾਂ ਬਾਰੇ ਦੱਸਣ ਜਾ ਰਹੇ ਹਾਂ , ਜਿੱਥੇ ਜੇਕਰ ਤੁਸੀਂ ਬਿਨਾਂ ਡੀਜੇ ਤੇ ਸ਼ਰਾਬ ਵਿਆਹ ਕਰਦੇ ਹੋ ਤਾਂ , ਤੁਹਾਨੂੰ ਇਸ ਵਾਸਤੇ ਕਈ ਹਜ਼ਾਰ ਰੁਪਏ ਦਿੱਤੇ ਜਾਣਗੇ । ਜਿਸ ਸਬੰਧੀ ਐਲਾਨ ਵੀ ਹੋ ਚੁੱਕਿਆ ਹੈ। ਦੱਸ ਦਈਏ ਇਹ ਐਲਾਨ ਪੰਜਾਬ ਦੇ ਜ਼ਿਲਾ ਬਠਿੰਡਾ ਦੇ ਵਿੱਚ ਹੋਇਆ ਹੈ ਜਿੱਥੇ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਨ੍ਹਾਂ ਪਰਿਵਾਰਾਂ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ , ਜਿਹੜੇ ਪਰਿਵਾਰ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਹੀਂ ਵਰਤਾਉਣਗੇ ਜਾਂ ਡੀਜੇ ਨਹੀਂ ਵਜਾਉਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਰਾਸ਼ੀ ਕਿੰਨੀ ਹੈ, ਦਰਅਸਲ ਕੀਤੇ ਗਏ ਐਲਾਨ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਹਨਾਂ ਦੋਹਾਂ ਦੀ ਵਰਤੋ ਵਿਆਹ ਵਿੱਚ ਨਹੀਂ ਹੁੰਦੀ ਹੈ ਤਾਂ , ਉਸ ਪਰਿਵਾਰ ਨੂੰ 21,000 ਰੁਪਏ ਦਿੱਤੇ ਜਾਣਗੇ। ਇਸ ਐਲਾਨ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਵਿੱਚ ਫਜ਼ੂਲ ਖਰਚੀ ਨਾ ਕਰਨ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕਰਨ ਲਈ ਲਿਆ ਗਿਆ ਹੈ। ਇਸ ਪਿੱਛੇ ਦਾ ਵੱਡਾ ਕਾਰਨ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਿੰਡ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿੱਥੇ ਲੋਕ ਸ਼ਰਾਬ ਪੀ ਕੇ ਡੀਜੇ ਤੇ ਨੱਚਦੇ ਸਨ ਤੇ ਫਿਰ ਆਪਸ ਦੇ ਵਿੱਚ ਕਾਫੀ ਲੜਾਈ ਝਗੜਾ ਵੀ ਹੁੰਦਾ ਸੀ , ਜਿਸ ਕਾਰਨ ਕਈ ਵਾਰ ਵਿਆਹ ਤੱਕ ਟੁੱਟ ਗਏ । ਇਨਾ ਹੀ ਨਹੀਂ ਸਗੋਂ ਕਈ ਵਾਰ ਬਰਾਤ ਬਿਨਾਂ ਲਾੜੀ ਤੋਂ ਹੀ ਵਾਪਸ ਮੁੜ ਜਾਂਦੀ ਹੈ । ਇਸ ਤੋਂ ਇਲਾਵਾ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪੈਂਦਾ ਹੈ। ਇਸ ਦੇ ਨਾਲ ਹੀ ਜਿਹੜੇ ਲੋਕ ਬਿਮਾਰ ਹਨ, ਉਹਨਾਂ ਨੂੰ ਵੀ ਖਾਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹੀ ਕਾਰਨ ਹੈ ਕਿ ਹੁਣ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੇਕਰ ਵਿਆਹ ਸਮਾਗਮ ਦੇ ਵਿੱਚ ਸ਼ਰਾਬ ਤੇ ਡੀਜੇ ਦੀ ਵਰਤੋਂ ਨਹੀਂ ਹੁੰਦੀ ਹੈ ਤਾਂ, ਵਿਆਹ ਵਾਲੇ ਪਰਿਵਾਰ ਨੂੰ 21000 ਰੁਪਏ ਦਿੱਤੇ ਜਾਣਗੇ ।