ਅੰਮ੍ਰਿਤਸਰ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਦੀ ਭੰਨ ਤੋੜ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾਕ੍ਰਮ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਤੇ ਸਿਆਸੀ ਲੀਡਰਾਂ ਦੇ ਵੱਲੋਂ ਵੀ ਦੁੱਖ ਪ੍ਰਗਟਾਇਆ ਜਾ ਰਿਹਾ ਹੈ । ਬੀਤੇ ਦਿਨੀ ਪੰਜਾਬ ਦੇ ਕੁਝ ਜਿਲ੍ਹੇ ਵੀ ਇਸੇ ਕਾਰਨ ਪੂਰਨ ਤੌਰ ਤੇ ਬੰਦ ਸਨ । ਇਸੇ ਵਿਚਾਲੇ ਹੁਣ ਪੰਜਾਬ ਦੇ ਇੱਕ ਅਜਿਹੇ ਜਿਲੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ, ਜਿੱਥੇ ਇਸ ਘਟਨਾ ਨੂੰ ਲੈ ਕੇ ਅੱਜ ਵੀ ਅਨੁਸੂਚਿਤ ਭਾਈਚਾਰੇ ਵੱਲੋਂ ਪੂਰਨ ਤੌਰ ਤੇ ਇਸ ਜਿਲ੍ਹੇ ਨੂੰ ਬੰਦ ਰੱਖਿਆ ਗਿਆ ਹੈ। ਦੱਸਦਈਏ ਅੱਜ ਅਨੁਸੂਚਿਤ ਭਾਈਚਾਰੇ ਵੱਲੋਂ ਸ਼ਹਿਰ ਕਪੂਰਥਲਾ ਬੰਦ ਰੱਖਿਆ ਗਿਆ। ਬੰਦ ਦੌਰਾਨ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ, ਵਿੱਦਿਅਕ ਸੰਸਥਾਵਾਂ, ਸ਼ਾਪਿੰਗ ਸੈਂਟਰ, ਚੌਪਾਟੀ ਦਾ ਇਲਾਕਾ ਸਵੇਰ ਤੋਂ ਹੀ ਬੰਦ ਹੈ। ਹਾਲਾਂਕਿ ਕੁਝ ਥਾਵਾਂ ’ਤੇ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ , ਪਰ ਅਨੁਸੂਚਿਤ ਜਾਤੀ ਦੇ ਸੰਗਠਨਾਂ ਤੇ ਬਸਪਾ ਆਗੂਆਂ ਨੇ ਬਾਜ਼ਾਰਾਂ ਦਾ ਦੌਰਾ ਕਰਕੇ ਲੋਕਾਂ ਖ਼ਾਸ ਕਰਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਤਾਂ ਇਲਾਕੇ ਦੇ ਸਾਰੇ ਵੱਡੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ। ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਇਸੇ ਰੋਸ ਕਾਰਨ ਅੱਜ ਕਪੂਰਥਲਾ ਅੰਦਰ ਸਭ ਕੁਝ ਬੰਦ ਰੱਖਿਆ ਗਿਆ ਹੈ । ਇਸੇ ਦੌਰਾਨ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਵਾਸਤੇ ਕਪੂਰਥਲਾ ਪੁਲਿਸ ਵੱਲੋਂ ਵੀ ਚੱਪੇ ਚੱਪੇ ਤੇ ਤੈਨਾਤੀ ਕੀਤੀ ਗਈ ਤੇ ਆਉਣ ਜਾਣ ਵਾਲਿਆਂ ਦੀ ਲਗਾਤਾਰ ਚੈਕਿੰਗ ਹੋ ਰਹੀ ਹੈ। ਸੜਕਾਂ ’ਤੇ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਵੀ ਨਜ਼ਰ ਆਏ, ਜਦਕਿ ਬੱਸ ਸਟੈਂਡ ’ਤੇ ਯਾਤਰੀਆਂ ਦੀ ਆਮਦ ਨਹੀਂ ਵੇਖੀ ਗਈ ਤੇ ਜੇਕਰ ਕੁਝ ਯਾਤਰੀ ਨਜ਼ਰ ਆਏ ਤਾਂ ਉਹ ਬੱਸਾਂ ਦਾ ਇੰਤਜ਼ਾਰ ਕਰਦੇ ਹੋਏ ਹੈਰਾਨ ਪ੍ਰੇਸ਼ਾਨ ਵੇਖੇ ਗਏ ਹਨ। ਜ਼ਿਕਰਯੋਗ ਹੈ ਕਿ ਕੱਲ ਪੰਜਾਬ ਦੇ ਕੁਝ ਜਿਲਿਆਂ ਤੋਂ ਅਜਿਹੇ ਹੀ ਦ੍ਰਿਸ਼ ਸਾਹਮਣੇ ਆਏ ਸਨ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਮੇਤ ਵੱਖੋ ਵੱਖਰੇ ਸਿਆਸੀ ਲੀਡਰਾਂ ਦੇ ਵੱਲੋਂ ਵੀ ਦੁੱਖ ਜਾਹਿਰ ਕੀਤਾ ਗਿਆ ਸੀ।