ਪੰਜਾਬੀ ਸਿਨੇਮਾ ਨੂੰ ਵੱਡਾ ਝਟਕਾ – ਮਸ਼ਹੂਰ ਅਦਾਕਾਰਾ ਵੀਰ ਸਮਰਾ ਦੀ ਅਚਾਨਕ ਮੌਤ
ਪੰਜਾਬੀ ਫਿਲਮ ਇੰਡਸਟਰੀ ਵਿੱਚੋਂ ਇਕ ਦਿਲ ਤੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਅਦਾਕਾਰਾ ਵੀਰ ਸਮਰਾ, ਜੋ ਕਿ ਤੁਨਕਾ ਤੁਨਕਾ ਅਤੇ ਰਾਜ਼ੀ ਵਰਗੀਆਂ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਸੀ, ਦਾ ਅਚਾਨਕ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦੀ ਮੌਤ ਦੇ ਕਾਰਨ ਦੀ ਪੁਸ਼ਟੀ ਹਜੇ ਤੱਕ ਨਹੀਂ ਹੋਈ, ਪਰ ਇਸ ਅਚਾਨਕ ਖ਼ਬਰ ਨੇ ਪੰਜਾਬੀ ਇੰਡਸਟਰੀ ਨੂੰ ਗਹਿਰੇ ਸੋਗ ਵਿੱਚ ਵਿਖੋ ਦਿੱਤਾ ਹੈ।
ਸਕ੍ਰੀਨਰਾਈਟਰ ਅਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਵੀਰ ਸਮਰਾ ਦੀ ਯਾਦ ‘ਚ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ, “ਉਹ ਉਦਾਸ ਕਵਿਤਾ ਵਰਗੀ ਸੀ, ਸੁੱਚੀ ਮਲਵੈਣ ਸੀ, ਜਿਸ ਦੀ ਬੋਲੀ ‘ਚ ਮਿੱਠਾਸ ਤੇ ਭਾਵਨਾਵਾਂ ਦੀ ਮਹਿਕ ਸੀ।” ਉਨ੍ਹਾਂ ਨੇ ਕਿਹਾ ਕਿ “ਮੈਂ ਉਸਦੀ ਨਾਭੀ ਪੱਗ ਬੰਨਦੀ ਸੀ, ਉਹ ਮੈਨੂੰ ਬਾਈ ਆਖਦੀ ਸੀ। ਉਸਦੇ ਅੰਦਰ ਪਿਆਰ ਤੇ ਮਾਸੂਮ ਮਹਿਸੂਸਾਂ ਦਾ ਦਰਿਆ ਸੀ।”
ਉਨ੍ਹਾਂ ਨੇ ਵੀਰ ਸਮਰਾ ਦੀ ਸ਼ਾਰਟ ਫਿਲਮ “ਸਬੂਤੇ ਕਦਮ” ਵਿੱਚ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਸਦਾ ਇੱਕ ਡਾਇਲਾਗ “ਚਾਚੀ ਆਪਾਂ ਨੀ ਵਿਆਹ ਵਿਹੂ ਕਰਵਾਉਣਾਂ, ਆਪਾਂ ਤਾਂ ਐਂ ਈ ਠੀਕ ਆਂ!” ਹਮੇਸ਼ਾਂ ਦਿਲ ਨੂੰ ਛੂੰਹ ਜਾਂਦਾ ਸੀ।
ਫਿਲਮ “ਰਾਜ਼ੀ” ਵਿੱਚ ਵੀ ਉਸਦਾ ਇੱਕ ਛੋਟਾ ਪਰ ਦਿਲ ਨੂੰ ਛੋਹ ਲੈਣ ਵਾਲਾ ਰੋਲ ਸੀ। “ਮੇਰਾ ਬਾਬਾ ਨਾਨਕ” ਦੀ ਸ਼ੂਟ ਦੌਰਾਨ ਉਹ ਆਖਰੀ ਵਾਰ ਮਿਲੀ ਸੀ। ਪਿਛਲੇ ਇੱਕ ਸਾਲ ਤੋਂ ਉਹ ਕਿਸੇ ਨਾਲ ਸੰਪਰਕ ਵਿੱਚ ਨਹੀਂ ਸੀ, ਨਾ ਕਾਲਾਂ ਦਾ ਜਵਾਬ ਆਇਆ, ਨਾ ਹੀ ਕੋਈ ਸੁਨੇਹਾ। ਅੱਜ ਉਹ ਖ਼ਬਰ ਮਿਲੀ – “ਉਹ ਚੁੱਪ ਚੁਪੀਤੇ ਤੁਰ ਗਈ।”
ਅਮਰਦੀਪ ਗਿੱਲ ਨੇ ਦਿਲੀ ਦੁਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ, “ਉਸ ਦਾ ਇੰਝ ਚਲੇ ਜਾਣਾ ਮੌਤ ਨੂੰ ਵੀ ਹੋਰ ਵਧੇਰੇ ਦਰਦਨਾਕ ਬਣਾ ਗਿਆ। ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।”