ਬਾਬਾ ਬਕਾਲਾ ਸਾਹਿਬ – ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਸੰਬੰਧਿਤ ਐਤਵਾਰ ਨੂੰ ਹੋਏ ਵਿਸ਼ਾਲ ਸਤਿਸੰਗ ਦੌਰਾਨ ਦਰਸ਼ਨ ਲਈ ਲਗਭਗ 10 ਲੱਖ ਸੰਗਤਾਂ ਡੇਰਾ ਬਿਆਸ ਵਿਖੇ ਇਕੱਠੀ ਹੋਈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਸਤਿਸੰਗ ਫਰਮਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ‘ਧੁੰਨ ਸੁਣ ਕਰ ਮਨ ਸਮਝਾਈ’ ਵਰਗੇ ਸ਼ਬਦਾਂ ਤੋਂ ਬਾਣੀ ਦੀ ਵਿਆਖਿਆ ਕਰਕੇ ਸੰਗਤ ਨੂੰ ਨਾਮ ਸਿਮਰਨ ਅਤੇ ਕਰਮਾਂ ਦੀ ਮੁਕਤੀ ਬਾਰੇ ਪ੍ਰੇਰਿਤ ਕੀਤਾ।
ਹਜ਼ੂਰ ਜਸਦੀਪ ਸਿੰਘ ਗਿੱਲ ਵੀ ਸਟੇਜ ‘ਤੇ ਮੌਜੂਦ ਰਹੇ। ਸੰਗਤ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਪੰਡਾਲ ਵੀ ਛੋਟਾ ਪੈ ਗਿਆ ਅਤੇ ਅਰਜ਼ੀ ਪੰਡਾਲ ਬਣਾਉਣੇ ਪਏ। ਪਹਿਲੀ ਵਾਰ ਕਾਰਾਂ ਦੀਆਂ ਪਾਰਕਿੰਗਾਂ ਫੁੱਲ ਹੋ ਗਈਆਂ, ਇਨ੍ਹਾਂ ਦੇ ਬਾਹਰ ਵੀ ਆਰਜ਼ੀ ਪਾਰਕਿੰਗ ਦਾ ਇੰਤਜ਼ਾਮ ਕਰਨਾ ਪਿਆ।
10 ਹਜ਼ਾਰ ਤੋਂ ਵੱਧ ਸੇਵਾਦਾਰਾਂ ਵੱਲੋਂ ਟ੍ਰੈਫਿਕ, ਲੰਗਰ, ਭੋਜਨ ਭੰਡਾਰ, ਸਫਾਈ ਅਤੇ ਕੈਂਟੀਨਾਂ ਆਦਿ ਦੀ ਬੇਹਤਰੀਨ ਤਰੀਕੇ ਨਾਲ ਸੇਵਾ ਨਿਭਾਈ ਗਈ। ਬਿਆਸ ਰੇਲਵੇ ਸਟੇਸ਼ਨ ‘ਤੇ ਆਉਣ ਵਾਲੀਆਂ ਟਰੇਨਾਂ ਰਾਹੀਂ ਪਹੁੰਚਣ ਵਾਲੀ ਸੰਗਤ ਦੀ ਵੀ ਸਹੂਲਤ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ।
ਸਭ ਤੋਂ ਅਖੀਰ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਐਲਾਨ ਕੀਤਾ ਗਿਆ ਕਿ ਅਗਲਾ ਸਤਿਸੰਗ ਭੰਡਾਰਾ 4 ਮਈ ਨੂੰ ਹੋਵੇਗਾ, ਅਤੇ ਜਿਸ ਵੀ ਭਾਈਚਾਰੇ ਦੀ ਆਉਣ ਦੀ ਇੱਛਾ ਹੋਵੇ, ਉਹ ਖੁਸ਼ੀ-ਖੁਸ਼ੀ ਸ਼ਾਮਲ ਹੋ ਸਕਦਾ ਹੈ।