ਇੰਡੀਆ ਚ ਇਥੇ ਹੋਇਆ ਜਹਾਜ਼ ਕਰੈਸ਼, ਦੂਰ-ਦੂਰ ਤੱਕ ਖਿੱਲਰੇ ਟੁਕੜੇ

ਗੁਜਰਾਤ ਦੇ ਜਾਮਨਗਰ ‘ਚ ਲੜਾਕੂ ਜਹਾਜ਼ ਕ੍ਰੈਸ਼ – ਹਾਦਸੇ ‘ਚ ਭਾਰੀ ਹਫੜਾ-ਦਫੜੀ, ਟੁਕੜੇ ਦੂਰ ਤੱਕ ਖਿੱਲਰ ਗਏ
ਜਾਮਨਗਰ (ਗੁਜਰਾਤ): ਸੂਬੇ ਦੇ ਸੁਵਾਰਦਾ ਪਿੰਡ ਨੇੜੇ ਇੱਕ ਜੈਗੁਆਰ ਲੜਾਕੂ ਜਹਾਜ਼ ਦੇ ਕ੍ਰੈਸ਼ ਹੋਣ ਨਾਲ ਇਲਾਕੇ ‘ਚ ਭਾਰੀ ਹਫੜਾ-ਦਫੜੀ ਮਚ ਗਈ। ਘਟਨਾ ਦੌਰਾਨ ਜਹਾਜ਼ ਦੇ ਟੁਕੜੇ ਦੂਰ-ਦੂਰ ਤੱਕ ਖਿੱਲਰ ਗਏ ਅਤੇ ਇਲਾਕੇ ਵਿੱਚ ਧੂੰਏਂ ਦੇ ਗੁਬਾਰ ਦੇਖਣ ਨੂੰ ਮਿਲੇ।

ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜ਼ਮੀਨ ‘ਤੇ ਜ਼ਖ਼ਮੀ ਪਾਇਲਟ ਨੂੰ ਘੇਰੇ ਹੋਏ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਆਲੇ-ਦੁਆਲੇ ਜਹਾਜ਼ ਦੇ ਟੁਕੜੇ ਅਤੇ ਅੱਗ ਦੇ ਨਜ਼ਾਰੇ ਵੀ ਕੈਮਰੇ ‘ਚ ਕੈਦ ਹੋਏ ਹਨ।

ਪਾਇਲਟ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਦਕਿ ਪੁਲਿਸ ਅਤੇ ਰੱਖਿਆ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਹਵਾਈ ਫੌਜ ਵੱਲੋਂ ਕ੍ਰੈਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਸ ਹਾਦਸੇ ਦੇ ਕਾਰਨਾਂ ਦੀ ਪੂਰੀ ਤਰ੍ਹਾਂ ਤਸਦੀਕ ਕੀਤੀ ਜਾ ਸਕੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਜੈਗੁਆਰ ਜਹਾਜ਼ ਪਿਛਲੇ ਮਹੀਨੇ ਪੰਚਕੂਲਾ ਨੇੜੇ ਕ੍ਰੈਸ਼ ਹੋਇਆ ਸੀ। ਉਡਾਣ ਦੌਰਾਨ ਤਕਨੀਕੀ ਖਰਾਬੀ ਆਉਣ ਕਾਰਨ ਪਾਇਲਟ ਨੇ ਜਹਾਜ਼ ਨੂੰ ਆਬਾਦੀ ਵਾਲੇ ਇਲਾਕੇ ਤੋਂ ਦੂਰ ਲੈ ਜਾ ਕੇ ਸੁਰੱਖਿਅਤ ਢੰਗ ਨਾਲ ਲੈਂਡ ਕਰਵਾਇਆ ਸੀ। ਉਹ ਜਹਾਜ਼ ਅੰਬਾਲਾ ਏਅਰਬੇਸ ਤੋਂ ਸਿਖਲਾਈ ਮਕਸਦ ਨਾਲ ਉਡਿਆ ਸੀ।