ਪੰਜਾਬ ਵਿਚ ਹਾਲ ਹੀ ਵਿਚ ਹੋਈ ਮੀਂਹ ਅਤੇ ਗੜ੍ਹੇਮਾਰੀ ਕਾਰਨ ਮੌਸਮ ਇਕ ਵਾਰ ਫਿਰ ਠੰਢਾ ਹੋ ਗਿਆ ਹੈ। ਦੁਪਹਿਰ ਸਮੇਂ ਧੁੱਪ ਨਿਕਲਣ ਦੇ ਬਾਵਜੂਦ ਵੀ ਸਵੇਰ ਅਤੇ ਸ਼ਾਮ ਦੇ ਸਮੇਂ ਠੰਢ ਵੱਧੀ ਰਹੀ। ਮੌਸਮ ਵਿਭਾਗ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਔਸਤ ਤਾਪਮਾਨ ਵਿੱਚ ਭਾਵੇਂ 1.9 ਡਿਗਰੀ ਵਾਧਾ ਹੋਇਆ ਹੈ, ਪਰ ਇਹ ਫਿਰ ਵੀ ਆਮ ਤਾਪਮਾਨ ਤੋਂ ਘੱਟ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਹਨੇਰੀ-ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 25 ਫਰਵਰੀ ਤਕ ਪੰਜਾਬ ਵਿਚ ਮੌਸਮ ਸਾਫ਼ ਰਹੇਗਾ। ਪਰ 24 ਫਰਵਰੀ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਪੰਜਾਬ ਸਮੇਤ ਹੋਰ ਸੂਬਿਆਂ ਦੇ ਮੌਸਮ ‘ਤੇ ਵੀ ਪਵੇਗਾ। ਇਸ ਕਾਰਨ ਮੌਸਮ ਇਕ ਵਾਰ ਫਿਰ ਬਦਲ ਸਕਦਾ ਹੈ। ਵਿਭਾਗ ਨੇ 26 ਅਤੇ 27 ਫਰਵਰੀ ਨੂੰ ਪੰਜਾਬ ਵਿੱਚ ਹਨੇਰੀ-ਤੂਫ਼ਾਨ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਮੀਂਹ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਹੋ ਸਕਦੀ ਹੈ। ਇਸਦੇ ਨਾਲ ਹੀ, ਪਹਾੜੀ ਇਲਾਕਿਆਂ ਵਿੱਚ 24 ਫਰਵਰੀ ਤੋਂ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਇਲਾਕਿਆਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਪੰਜਾਬ ਦੇ ਮੌਸਮ ‘ਚ ਹੋਰ ਠੰਢ ਪੈਦਾ ਕਰ ਸਕਦੀਆਂ ਹਨ।
ਮੌਸਮ ਵਿਭਾਗ ਦੀ ਸਲਾਹ:
ਲੋਕਾਂ ਨੂੰ ਹਨੇਰੀ ਤੇ ਤੂਫ਼ਾਨ ਦੌਰਾਨ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।
ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ ਨੂੰ ਸੰਭਾਲਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਰਹਿਣ ਅਤੇ ਨਵੀਆਂ ਅਪਡੇਟਸ ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ।